ਮੁਦਰਾ ਨਿਸ਼ਾਨ
From Wikipedia, the free encyclopedia
ਮੁਦਰਾ ਨਿਸ਼ਾਨ ਜਾਂ ਮੁਦਰਾ ਚਿੰਨ੍ਹ ਕਿਸੇ ਮੁਦਰਾ ਦੇ ਨਾਂ ਵਾਸਤੇ ਇੱਕ ਲਿਖਤੀ ਨਿਸ਼ਾਨ ਹੁੰਦਾ ਹੈ ਜਿਹਨੂੰ ਖ਼ਾਸ ਕਰ ਕੇ ਧਨ ਜਾਂ ਪੈਸੇ ਦੀ ਮਾਤਰਾ ਦੱਸਣ ਵੇਲੇ ਛੋਟੇ ਰੂਪ ਵਜੋਂ ਵਰਤਿਆ ਜਾਂਦਾ ਹੈ। ਆਮ ਤੌਰ ਉੱਤੇ ਇਹ ਨਿਸ਼ਾਨ ਮੁਦਰਾ ਦੇ ਪਹਿਲੇ ਅੱਖਰ ਜਾਂ ਚਿੰਨ੍ਹ ਤੋਂ ਬਣਿਆ ਹੁੰਦਾ ਹੈ ਅਤੇ ਕੁਝ ਛੋਟੀਆਂ ਤਬਦੀਲੀਆਂ ਜਿਵੇਂ ਕਿ ਗੰਢਾਂ ਜਾਂ ਜੁੜਵੇਂ ਅੱਖਰ ਜਾਂ ਲੇਟਵੀਆਂ ਅਤੇ ਖੜ੍ਹੀਆਂ ਰੇਖਾਵਾਂ ਜੋੜ ਦਿੱਤੀਆ ਜਾਂਦੀਆਂ ਹਨ। ਅੱਜਕੱਲ੍ਹ ਜ਼ਿਆਦਾਤਰ ਅਧਿਕਾਰਕ ਕੰਮਾਂ ਲਈ ਮੁਦਰਾ ਨਿਸ਼ਾਨਾਂ ਦੀ ਥਾਂ ISO 4217 ਕੋਡ ਵਰਤੇ ਜਾਂਦੇ ਹਨ ਪਰ ਬਾਕੀ ਥਾਂਵੇਂ ਅਜੇ ਵੀ ਇਹ ਨਿਸ਼ਾਨ ਆਮ ਪ੍ਰਚੱਲਤ ਹਨ। ਦੁਨੀਆ ਦੀ ਬਹੁਤ ਘੱਟ ਮੁਦਰਾਵਾਂ ਕੋਲ ਇਹ ਨਿਸ਼ਾਨ ਹੀ ਨਹੀਂ ਹਨ।
ਭਾਵੇਂ ਬਹੁਤ ਸਾਰੇ ਮੁਦਰਾ ਨਿਸ਼ਾਨ ਯੂਰੋ ਅਪਣਾਏ ਜਾਣ ਕਰ ਕੇ ਬੇਕਾਰ ਹੋ ਗਏ ਪਰ ਹੁਣ ਨਵਾਂ ਅਤੇ ਨਿਵੇਕਲਾ ਨਿਸ਼ਾਨ ਬਣਾਉਣਾ, ਜਿਹਨੂੰ ਲਾਗੂ ਕਰਨ ਲਈ ਨਵਾਂ ਯੂਨੀਕੋਡ ਅਤੇ ਕੀਬੋਰਡ ਫਰਮਾ ਚਾਹੀਦਾ ਹੁੰਦਾ ਹੈ, ਅੰਤਰਰਾਸ਼ਟਰੀ ਮੁਦਰਾਵਾਂ ਲਈ ਉੱਚੀ ਹੈਸੀਅਤ ਦੀ ਨਿਸ਼ਾਨੀ ਬਣ ਗਈ ਹੈ। ਯੂਰਪੀ ਕਮਿਸ਼ਨ ਯੂਰੋ ਦੀ ਸਫ਼ਲਤਾ ਦਾ ਥੋੜ੍ਹਾ ਸਿਹਰਾ ਯੂਰੋ ਨਿਸ਼ਾਨ € ਦੀ ਵਿਸ਼ਵ-ਵਿਆਪੀ ਸ਼ਨਾਖ਼ਤ ਦੇ ਸਿਰ ਬੰਨ੍ਹਦਾ ਹੈ। 2009 ਵਿੱਚ ਭਾਰਤ ਨੇ ਆਪਣੇ ਗੁਆਂਢੀ ਮੁਲਕਾਂ ਦੇ ਨਾਲ਼ ਸਾਂਝਾ ਲਿਖਤੀ ਰੂਪ ₨ ਦੀ ਥਾਂ ਕਿਸੇ ਵੱਖ ਮੁਦਰਾ ਨਿਸ਼ਾਨ ਦੇ ਲਈ ਇੱਕ ਪਬਲਿਕ ਮੁਕਾਲਬਾ ਕਰਵਾਇਆ।[1] ਆਖ਼ਰ ਵਿੱਚ 15 ਜੁਲਾਈ 2010 ਨੂੰ ਭਾਰਤ ਨੇ ਆਪਣੀ ਮੁਦਰਾ ਰੁਪਏ ਦਾ ਨਿਸ਼ਾਨ ₹ ਤੈਅ ਕੀਤਾ। ਇਹ ਨਿਸ਼ਾਨ ਲਾਤੀਨੀ ਅੱਖਰ 'R' (ਆਰ) ਅਤੇ ਦੇਵਨਾਗਰੀ ਅੱਖਰ "र" (ਰ) ਦਾ ਮਿਸ਼ਰਣ ਹੈ।