ਨਾਟ-ਸ਼ਾਸਤਰ
From Wikipedia, the free encyclopedia
ਨਾਟ-ਸ਼ਾਸਤਰ (ਸੰਸਕ੍ਰਿਤ: नाट्य शास्त्र, ਨਾਟਿਆ ਸ਼ਾਸਤਰ) ਥੀਏਟਰ, ਨਾਚ ਅਤੇ ਸੰਗੀਤ ਨਾਲ ਸੰਬੰਧਿਤ ਨਾਟ-ਕਲਾਵਾਂ ਬਾਰੇ ਪ੍ਰਾਚੀਨ ਭਾਰਤੀ ਗ੍ਰੰਥ ਹੈ। ਇਹਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਨਾਟ-ਕਲਾ ਦੇ ਇਲਾਵਾ ਸਾਹਿਤ ਨੂੰ ਆਪਣੇ ਕਲਾਵੇ ਅੰਦਰ ਲੈਂਦਾ ਹੈ। ਇਸ ਦੇ ਕਈ ਅਧਿਆਇਆਂ ਵਿੱਚ ਨਾਚ, ਸੰਗੀਤ, ਕਵਿਤਾ ਅਤੇ ਆਮ ਸੁਹਜ-ਸ਼ਾਸਤਰ ਸਹਿਤ ਨਾਟਕ ਦੀਆਂ ਸਭਨਾਂ ਭਾਰਤੀ ਅਵਧਾਰਣਾਵਾਂ ਵਿੱਚ ਸਮਾਹਿਤ ਹਰ ਪ੍ਰਕਾਰ ਦੀ ਕਲਾ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਇਸ ਦਾ ਬੁਨਿਆਦੀ ਮੰਤਵ ਜੀਵਨ ਦੇ ਚਾਰ ਲਕਸ਼ਾਂ - ਧਰਮ, ਅਰਥ, ਕਾਮ ਅਤੇ ਮੋਕਸ਼ - ਦੇ ਪ੍ਰਤੀ ਜਾਗਰੂਕ ਬਣਾਉਣ ਦੇ ਮਾਧਿਅਮ ਵਜੋਂ ਭਾਰਤੀ ਡਰਾਮੇ ਦੀ ਅਹਿਮੀਅਤ ਸਿੱਧ ਕਰਨਾ ਹੈ। ਇਹ ਸ਼ਿਲਪ ਦੇ ਨਿਯਮਾਂ ਅਤੇ ਜੁਗਤੀਆਂ ਦਾ ਕੋਸ਼ ਬਣ ਸਾਨੂੰ ਅਗਵਾਈ ਦਿੰਦਾ ਹੈ।[1] ਇਹ 200 ਈਪੂ ਤੋਂ 200 ਦੇ ਵਿਚਕਾਰ ਚਾਰ ਸਦੀਆਂ ਦੌਰਾਨ ਲਿਖਿਆ ਗਿਆ ਸੀ ਅਤੇ ਇਹਦਾ ਨਾਂ ਭਰਤਮੁਨੀ ਨਾਲ ਜੁੜਿਆ ਹੈI
ਕਲਾ ਦਾ ਉੱਤਮ ਰੂਪ ਕਾਵਿ ਹੈ ਅਤੇ ਅਤਿਉੱਤਮ ਰੂਪ ਨਾਟਕ ਹੈ I ਜਿਸ ਦੀ ਸਥਾਪਨਾ ਸਾਰੇ ਪ੍ਰਾਚੀਨ ਭਾਰਤੀ ਗ੍ਰੰਥਾਂ ਤੋਂ ਪਹਿਲਾ ਭਰਤ ਮੁਨੀ ਨੇ ਕੀਤੀ I ਇਹ ਗ੍ਰੰਥ ਆਪਣੇ ਆਪ ਵਿੱਚ ਇੱਕ ਪੂਰਨ ਰੂਪ ਹੈI ਇਸ ਗ੍ਰੰਥ ਨੇ ਭਾਰਤ ਦੀ ਰੰਗਮੰਚ ਕਲਾ ਨੂੰ ਕਈ ਸ਼ਤਾਬਦੀ ਤੋਂ ਪ੍ਰਭਾਵਿਤ ਕੀਤਾ ਹੈ,ਕਿਉਂਕਿ ਇਸ ਗ੍ਰੰਥ ਵਿੱਚ ਨਾਟਯ- ਵਿਸ਼ੇਸ਼ਕਾਂ ਦਾ ਵਰਣਨ ਪੂਰੇ ਵਿਸਤਾਰ ਨਾਲ ਦਿੱਤਾ ਗਿਆ ਹੈ I ਜੋ ਕਿਸੇ ਹੋਰ ਗ੍ਰੰਥ ਵਿੱਚ ਅਸੰਭਵ ਹੈ I[2]